CM Bhagwant Mann Mansa Visit: ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਅਧਿਆਪਕ ਆਗੂ ਹਿਰਾਸਤ 'ਚ; DTF ਨੇ ਚੁੱਕੇ ਸਵਾਲ

 


ਮਾਨਸਾ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਨਸਾ ਦੇ ਪਿੰਡ ਫੱਤਾ ਮਾਲੋਕਾ ਵਿਖੇ ਹੋਣ ਵਾਲੀ ਆਮਦ ਤੋਂ ਠੀਕ ਪਹਿਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਅਧਿਆਪਕ ਅਤੇ ਮੁਲਾਜ਼ਮ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ (DTF) ਨੇ ਦੋਸ਼ ਲਾਇਆ ਹੈ ਕਿ ਆਗੂਆਂ ਨੂੰ ਗੱਲਬਾਤ ਦੇ ਬਹਾਨੇ ਬੁਲਾ ਕੇ ਥਾਣਾ ਸਿਟੀ-2 ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਬੰਦ ਕਰ ਦਿੱਤਾ ਗਿਆ ਹੈ।

ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੁਲਾਜ਼ਮ ਆਗੂਆਂ ਦੀ ਆਵਾਜ਼ ਦਬਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।


ਕਿਹੜੇ ਆਗੂਆਂ ਨੂੰ ਲਿਆ ਗਿਆ ਹਿਰਾਸਤ ਵਿੱਚ?

ਜਥੇਬੰਦੀ ਅਨੁਸਾਰ ਰਾਤ ਸਮੇਂ ਹੇਠ ਲਿਖੇ ਮੁੱਖ ਆਗੂਆਂ ਨੂੰ ਥਾਣੇ ਬੁਲਾ ਕੇ ਨਜ਼ਰਬੰਦ ਕੀਤਾ ਗਿਆ:

  • ਕਰਮਜੀਤ ਤਾਮਕੋਟ (ਜ਼ਿਲ੍ਹਾ ਪ੍ਰਧਾਨ, DTF)
  • ਦਰਸ਼ਨ ਅਲੀਸ਼ੇਰ (ਪੁਰਾਣੀ ਪੈਨਸ਼ਨ ਬਹਾਲੀ ਫਰੰਟ)
  • ਲਖਵਿੰਦਰ ਮਾਨ (ਜੀ.ਟੀ.ਯੂ.)
  • ਨਵੀਨ ਬੋਹਾ ਅਤੇ ਅੰਗਰੇਜ਼ ਸਾਹਨੇਵਾਲੀ

ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਮੁਲਾਜ਼ਮ?

ਅਧਿਆਪਕ ਜਥੇਬੰਦੀਆਂ ਲੰਮੇ ਸਮੇਂ ਤੋਂ ਸਰਕਾਰ ਅੱਗੇ ਆਪਣੇ ਹੱਕੀ ਮਸਲੇ ਉਠਾ ਰਹੀਆਂ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਹਕੀਕੀ ਰੂਪ ਵਿੱਚ ਬਹਾਲ ਕਰਨਾ।
  • ਮਹਿੰਗਾਈ ਭੱਤੇ (DA) ਦੀਆਂ ਬਕਾਇਆ ਕਿਸ਼ਤਾਂ ਅਤੇ ਏਰੀਅਰ ਜਾਰੀ ਕਰਨਾ।
  • 17-07-2020 ਅਤੇ 15-01-2015 ਦੇ ਮੁਲਾਜ਼ਮ ਵਿਰੋਧੀ ਪੱਤਰ ਰੱਦ ਕਰਵਾਉਣਾ।
  • ਸਮੂਹ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਪੱਕੇ ਕਰਨਾ।

ਜਥੇਬੰਦੀ ਦਾ ਤਿੱਖਾ ਪ੍ਰਤੀਕਰਮ

DTF ਆਗੂਆਂ ਦਾ ਕਹਿਣਾ: "ਜਦੋਂ ਵੀ ਮੁੱਖ ਮੰਤਰੀ ਮਾਨਸਾ ਆਉਂਦੇ ਹਨ, ਤਾਂ ਪੁਲਿਸ ਵੱਲੋਂ ਮੁਲਾਜ਼ਮ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਥਾਣਿਆਂ ਵਿੱਚ ਡੱਕ ਦਿੱਤਾ ਜਾਂਦਾ ਹੈ। ਲੋਕਤੰਤਰ ਵਿੱਚ ਸ਼ਾਂਤਮਈ ਢੰਗ ਨਾਲ ਮੰਗ ਪੱਤਰ ਦੇਣ ਦਾ ਹੱਕ ਸਭ ਨੂੰ ਹੈ। ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰੇ, ਧੱਕੇਸ਼ਾਹੀ ਬੰਦ ਕਰੇ।"

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਸੁਖਵਿੰਦਰ ਸੁੱਖੀ, ਦਲਜੀਤ ਸਮਰਾਲਾ, ਜਸਵਿੰਦਰ ਬਠਿੰਡਾ, ਲਖਵੀਰ ਮੁਕਤਸਰ ਅਤੇ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਜ਼ਰਬੰਦ ਆਗੂਆਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।